ਬਿਲਾਵਲੁ ਮਹਲਾ ੫ ॥
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ ਮਾਇਆਧਾਰੀ ਛਤ੍ਰਪਤਿ ਤਿਨੑ ਛੋਡਉ ਤਿਆਗਿ ॥੧॥ ਰਹਾਉ ॥ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ ਸਭ ਕਿਛੁ ਤੁਮੑ ਹੀ ਤੇ ਹੋਆ ਆਪਿ ਬਣਤ ਬਣਾਈ ॥ ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ {ਪੰਨਾ 811}
ਅਰਥ: ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ। (ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ।੧।ਰਹਾਉ।
ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ) , ਪੱਖਾ (ਝੱਲਿਆ ਕਰ) , (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ। ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ।੧।
ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ) । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ।੨।
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ। ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ।੩।
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ। ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ।੪।
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ। ਹੇ ਨਾਨਕ! ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ।੫।੧੪।੪੪।