Amrit Vele Da Hukamnama Gurdwara Sri Guru Singh Sabha C Block Hari Nagar – 4-12-25

ਸਲੋਕੁ ਮਃ ੩ ॥
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}

ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।

ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।

ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।

ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।

ਵਡਹੰਸੁ ਮਹਲਾ ੩ ॥
ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥ ਗੁਰਮੁਖਿ ਸਾਚੇ ਲਗੈ ਧਿਆਨੁ ॥੧॥ ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਗੁਰਮੁਖਿ ਜਾਤਿ ਪਤਿ ਸਚੁ ਸੋਇ ॥ ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ {ਪੰਨਾ 559-560}

ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ। ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਸਾਥ ਨਿਬਾਹੁਣ ਵਾਲਾ ਹੈ।ਰਹਾਉ।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ, ਤੇ, ਆਤਮਕ ਜੀਵਨ ਦੀ ਸੂਝ ਦਾ ਮੂਲ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੁੜੀ ਰਹਿੰਦੀ ਹੈ।੧।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ।੨।

ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ, ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ।੪।੬।

About the Author

You may also like these