ਬਿਲਾਵਲੁ ਮਹਲਾ ੫ ਛੰਤ ਮੰਗਲ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥
ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ ਛੰਤ ॥ ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥ ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥ ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥ ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥ ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥ ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥ {ਪੰਨਾ 847-848}
ਅਰਥ: ਸਲੋਕ-ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ।੧।
ਛੰਤ-ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ (ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ, ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ। ਹੇ ਨਾਨਕ! ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ।੧।
ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ। ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ। ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ? ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ।੨।
ਅਰਥ: ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ। ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।
ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ! ਹੇ ਨਾਨਕ! ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ।੩।
ਅਰਥ: ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ। (ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ। (ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ।੪।੧।੪।



