Amrit Vele Da Hukamnama Gurdwara Sri Guru Singh Sabha C Block Hari Nagar – 25-1-25

ਬਿਲਾਵਲੁ ਮਹਲਾ ੧ ॥
ਆਪੇ ਸਬਦੁ ਆਪੇ ਨੀਸਾਨੁ ॥ ਆਪੇ ਸੁਰਤਾ ਆਪੇ ਜਾਨੁ ॥ ਆਪੇ ਕਰਿ ਕਰਿ ਵੇਖੈ ਤਾਣੁ ॥ ਤੂ ਦਾਤਾ ਨਾਮੁ ਪਰਵਾਣੁ ॥੧॥ ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ ਰਾਜੁ ਰੂਪੁ ਝੂਠਾ ਦਿਨ ਚਾਰਿ ॥ ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ ਚਖਿ ਛੋਡੀ ਸਹਸਾ ਨਹੀ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥ ਏਕੇ ਕਉ ਨਾਹੀ ਭਉ ਕੋਇ ॥ ਕਰਤਾ ਕਰੇ ਕਰਾਵੈ ਸੋਇ ॥੩॥ ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ਠਾਕਿ ਰਹੇ ਮਨੁ ਸਾਚੈ ਧਾਰਿਆ ॥ ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥ {ਪੰਨਾ 795-796}

ਅਰਥ: ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੀ ਹੈ (ਜਿਹੋ ਜੇਹਾ ਤੂੰ ਆਪ ਹੈਂ। ਭਾਵ, ਤੇਰਾ ਨਾਮ ਭੀ ਮਾਇਆ ਦੇ ਮੋਹ ਤੋਂ ਬਚਾਂਦਾ ਹੈ) । ਹੇ ਪ੍ਰਭੂ! ਤੇਰਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਲੱਭ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਮੈਂ (ਤੇਰੇ ਦਰ ਤੇ) ਮੰਗਤਾ ਹਾਂ (ਤੇ ਤੈਥੋਂ ਤੇਰੇ ਨਾਮ ਦੀ ਦਾਤਿ ਮੰਗਦਾ ਹਾਂ) ।੧।ਰਹਾਉ।

(ਜਿਸ ਮਨੁੱਖ ਨੂੰ ਨਾਮ ਦੀ ਦਾਤਿ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ) , ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ। ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।

ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ।੧।

(ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ, ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ, ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ (ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਹਾਲਤ ਦੇ ਹਨੇਰੇ ਵਿਚ ਜੀਵਨ ਵਿਚ ਜੀਵਨ-ਠੇਡੇ ਖਾਂਦਾ ਫਿਰਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ।੨।

(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ) । ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ (ਕਿਉਂਕਿ ਉਸ ਨੂੰ) ਯਕੀਨ ਬਣਿਆ ਰਹਿੰਦਾ ਹੈ ਕਿ) ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।੩।

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ, ਉਹ ਵਿਕਾਰਾਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ (ਆਪਣੇ ਨਾਮ ਦਾ) ਆਸਰਾ ਦੇਂਦਾ ਹੈ। ਮੈਂ ਗੁਰੂ ਤੋਂ ਸਦਕੇ ਹਾਂ, ਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ (ਜੋ ਮਨ ਨੂੰ ਪ੍ਰਭੂ ਵਿਚ ਜੋੜਨ ਲਈ ਸਹਾਇਤਾ ਕਰੇ) ।

ਹੇ ਨਾਨਕ! ਪ੍ਰਭੂ-ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੪।੩।

About the Author

Leave a Reply

You may also like these