ਸਲੋਕੁ ਮਃ ੩ ॥
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥
ਮਃ ੩ ॥ ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥
ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ {ਪੰਨਾ 651-652}
ਅਰਥ: ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ; ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।
ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ।੧।
ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ, (ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ। ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ।੨।
ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ।੨੪।