Amrit Vele Da Hukamnama Gurdwara Sri Guru Singh Sabha C Block Hari Nagar – 6-1-25

ਸੂਹੀ ਮਹਲਾ ੫ ॥
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}

ਅਰਥ: ਹੇ ਸੰਤ ਜਨੋ! ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ।੧।ਰਹਾਉ।

ਹੇ ਭਾਈ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।੧।

ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ।੨।

ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ।੩।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।੪।੩।੫੦।

About the Author

Leave a Reply

Your email address will not be published. Required fields are marked *

You may also like these