Amrit Vele Da Hukamnama Gurdwara Sri Guru Singh Sabha C Block Hari Nagar – 5-1-25

ਤਿਲੰਗ ਮਹਲਾ ੪ ॥
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ {ਪੰਨਾ 725}

ਅਰਥ: ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ।ਰਹਾਉ।

ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ। ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ।੧।

ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ। ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ।੨।

ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ, ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ।੩।

ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, (ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।੪।

ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ। ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ।੫।

About the Author

Leave a Reply

Your email address will not be published. Required fields are marked *

You may also like these