ਸੋਰਠਿ ਮਹਲਾ ੧ ਤਿਤੁਕੀ ॥
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥ ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥ ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥ ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥ ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥ ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥ ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥ ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥ {ਪੰਨਾ 635-636}
ਅਰਥ: (ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ) ਕੰਮਾਂ ਦੇ ਵਿਸ਼ਵਾਸੀ ਹੇ ਪੰਡਿਤ! ਸੁਣ (ਇਹ ਕਰਮ ਧਰਮ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੇ) । ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ ਉਹ (ਇਹ) ਹੈ ਕਿ ਆਤਮਕ ਜੀਵਨ ਦੇਣ ਵਾਲੇ ਜਗਤ-ਮੂਲ (ਦੇ ਗੁਣਾਂ) ਨੂੰ ਆਪਣੇ ਵਿਚਾਰ-ਮੰਡਲ ਵਿਚ (ਲਿਆਂਦਾ ਜਾਏ) ।੧।ਰਹਾਉ।
ਹੇ ਭਾਈ! ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ, ਇਹ) ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿਚ ਬੰਨ੍ਹਣ ਵਾਲੇ ਹਨ, (ਇਹ ਰਸਮੀ) ਧਾਰਮਿਕ ਕਰਮ (ਸਗੋਂ) ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ। ਹੇ ਭਾਈ! ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ (ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ) , ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ। ਹੇ ਭਾਈ! ਇਹ ਮਾਇਆ ਜਗਤ ਵਿਚ (ਜੀਵਾਂ ਨੂੰ) ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ (ਧਾਰਮਿਕ ਮਿਥੇ ਹੋਏ) ਕਰਮ ਵਿਅਰਥ ਹੀ ਜਾਂਦੇ ਹਨ।੧।
ਹੇ ਪੰਡਿਤ ਜੀ! ਤੁਸੀ (ਲੋਕਾਂ ਨੂੰ ਸੁਣਾਣ ਵਾਸਤੇ) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਵਿਚ ਫਸਾਈ ਰੱਖਣ। ਹੇ ਪੰਡਿਤ! ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ। ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ।੨।
ਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ। ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ, ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।੩।
ਹੇ ਪੰਡਿਤ! ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ (ਇਸ ਤਰ੍ਹਾਂ) ਪਵਿਤ੍ਰ (ਹੋਇਆ) ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। (ਜੀਵਨ ਦਾ ਇਹ ਰਸਤਾ) ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ। ਜਿਸ ਮਨੁੱਖ ਦੇ ਮਨ ਵਿਚ ਲੋਭ (ਦੀ ਲਹਿਰ) ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ (ਆਤਮਕ) ਲਾਭ ਨਹੀਂ ਹੋ ਸਕਦਾ। (ਮਾਇਆ ਦੀ ਖ਼ਾਤਰ) ਝੂਠ ਬੋਲ ਬੋਲ ਕੇ ਉਹ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਇਹ ਝੂਠ-ਰੂਪ) ਜ਼ਹਿਰ ਖਾਂਦਾ ਰਹਿੰਦਾ ਹੈ।੪।
ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ (ਮਾਇਆ-ਮੋਹਿਆ) ਜਗਤ (ਪਾਣੀ ਰਿੜਕ ਰਿੜਕ ਕੇ) ਇਹ ਪਾਣੀ ਹੀ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਾਇਆ ਦੀ) ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ।੫।
ਹੇ ਭਾਈ! ਇਹ ਜਗਤ ਸੂਤਰ ਦਾ ਧਾਗਾ (ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ) ਮਾਇਆ ਦੇ ਮੋਹ ਦੀਆਂ ਦਸੀਂ ਪਾਸੀਂ ਗੰਢਾਂ ਪਈਆਂ ਹੋਈਆਂ ਹਨ (ਭਾਵ, ਮੋਹ ਵਿਚ ਫਸੇ ਜੀਵ ਦਸੀਂ ਪਾਸੀਂ ਖਿੱਚੇ ਜਾ ਰਹੇ ਹਨ) । (ਅਨੇਕਾਂ ਜੀਵ ਇਹ ਰਸਮੀ ਧਾਰਮਿਕ) ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ। ਹੇ ਭਾਈ! ਇਹ ਜਗਤ (ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ) ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ।੬।
ਹੇ ਪੰਡਿਤ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ-ਅਦਬ ਮਨ ਵਿਚ ਵੱਸ ਪੈਂਦਾ ਹੈ। ਉਸ ਡਰ-ਅਦਬ ਵਿਚ ਰਹਿ ਕੇ (ਮਾਇਆ ਦੇ ਮੋਹ ਵਲੋਂ) ਮਰਨਾ (ਜੀਵ ਦੇ ਮਸਤਕ ਉਤੇ ਕੀਤੇ ਕਰਮਾਂ ਦਾ ਐਸਾ) ਲੇਖ (ਹੈ ਜੋ ਇਸ ਨੂੰ ਅਟੱਲ) (ਜੀਵਨ ਦੇਂਦਾ) ਹੈ। ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿਚ ਵਿਸ਼ੇਸ਼ਤਾ ਮਿਲਦੀ ਹੈ। (ਮਾਇਆ ਵਿਚ ਮਸਤ ਮਨ-ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ) ਗੁਰੂ (ਦਾ ਸ਼ਬਦ) ਕੁੰਡਾ ਹੈ, ਗੁਰੂ ਨੇ ਹੀ ਪਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ੍ਹ ਕਰਾਇਆ ਹੈ। (ਗੁਰੂ ਦੀ ਮੇਹਰ ਨਾਲ ਜਦੋਂ ਨਾਮ) ਮਨ ਵਿਚ ਵੱਸਦਾ ਹੈ, ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ ਹੈ।੭।
ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ-ਸਰਾਫ਼ ਦਾ ਦਿੱਤਾ ਹੋਇਆ ਇਕ ਹੱਟ ਹੈ ਜਿਸ ਵਿਚ ਕਦੇ ਨਾਹ ਮੁਕਣ ਵਾਲਾ ਨਾਮ-ਸੌਦਾ ਕਰਨਾ ਹੈ। ਉਹੀ ਜੀਵ-ਵਪਾਰੀ ਇਸ ਸੌਦੇ ਨੂੰ (ਆਪਣੇ ਸਰੀਰ-ਹੱਟ ਵਿਚ) ਦ੍ਰਿੜ੍ਹਤਾ ਨਾਲ ਵਣਜਦਾ ਹੈ ਜੇਹੜਾ ਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ। ਹੇ ਨਾਨਕ! ਉਹ ਜੀਵ-ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤਿ ਵਿਚ (ਰਹਿ ਕੇ) ਇਹ ਵਪਾਰ ਕਰਦਾ ਹੈ।੮।੨।