ਸੋਰਠਿ ਮਹਲਾ ੫ ਘਰੁ ੨ ॥
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥ {ਪੰਨਾ 613}
ਅਰਥ: ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ।ਰਹਾਉ।
ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ।੧।
ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ। ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ।੨।
ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ। ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ।੩।
ਹੇ ਨਾਨਕ! ਆਖ-) ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਾ ਹੈ। (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ।੪।੭।੧੮।