Amrit Vele Da Hukamnama Gurdwara Sri Guru Singh Sabha C Block Hari Nagar – 17-12-24

ਸਲੋਕੁ ਮਃ ੩ ॥
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥ ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ ਮਃ ੩ ॥ ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥

ਅਰਥ: ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ; ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ। ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ। ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ, ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ (ਭਾਵ ਸੁਤੇ ਹੀ ਨਾਮ ਜਪਣ ਵਾਲੀ ਦਸ਼ਾ ਵਿਚ) ਮਨੁੱਖ ਲੀਨ ਹੋ ਜਾਂਦਾ ਹੈ।੧।

ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ, ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ; (ਪਰ) ਹੇ ਨਾਨਕ! ਉਸ ਦੇ ਭੀ ਕੀਹ ਵੱਸ?) (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ (ਸੰਸਕਾਰਾਂ) ਅਨੁਸਾਰ ਉਸ ਨੂੰ (ਹੁਣ ਭੀ ਇਹੋ ਜਿਹੀ ਹੀ) ਕਾਰ ਕਰਨੀ ਪੈਂਦੀ ਹੈ; ਕੋਈ ਮਨੁੱਖ (ਉਸ ਦੇ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।੨।

ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ, ਤੇ ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ; ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ। ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ।੧੯।

About the Author

Leave a Reply

Your email address will not be published. Required fields are marked *

You may also like these