ਬਿਲਾਵਲੁ ਮਹਲਾ ੫ ॥
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥ ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥ ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥ ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥ ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥ ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥ ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ {ਪੰਨਾ 815}
ਅਰਥ: ਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ, ਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ, (ਜਿਉਂ ਜਿਉਂ) ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ, (ਤਿਉਂ ਤਿਉਂ) ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।੧।ਰਹਾਉ।
ਹੇ ਭਾਈ! ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ।੧।
ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ। (ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ।੨।
ਹੇ ਭਾਈ! ਜਿਸ ਥਾਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਭੀ ਭਾਗਾਂ ਵਾਲੇ ਬਣ ਜਾਂਦੇ ਹਨ (ਕਿਉਂਕਿ ਜਿਸ ਥਾਂ) ਪਰਮਾਤਮਾ ਦੀ ਕਥਾ-ਵਾਰਤਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ।੩।
(ਇਸ ਵਾਸਤੇ) ਹੇ ਨਾਨਕ! (ਆਖ-ਹੇ ਭਾਈ!) ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ, ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ।੪।੨੯।੫੯।