Amrit Vele Da Hukamnama Gurdwara Sri Guru Singh Sabha C Block Hari Nagar – 21-10-24

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ੴ ਸਤਿਗੁਰ ਪ੍ਰਸਾਦਿ ॥ ਸਲੋਕ ॥
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 705-706}

ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।

ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।

About the Author

You may also like these