Amrit Vele Da Hukamnama Gurdwara Sri Guru Singh Sabha C Block Hari Nagar – 15-10-24

ਧਨਾਸਰੀ ਮਹਲਾ ੪ ॥
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲੑੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ {ਪੰਨਾ 667}

ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ।

ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧।

ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ।੨।

ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩।

ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।

About the Author

You may also like these