ਸੂਹੀ ਮਹਲਾ ੪ ॥
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ ਹਰਿ ਧਨੁ ਸੰਚੀਐ ਭਾਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ {ਪੰਨਾ 733-734}
ਅਰਥ: ਹੇ ਭਾਈ! ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ, ਉਸ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ।੧।ਰਹਾਉ।
ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ। (ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ।੧।
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।੨।